Friday, November 22, 2024
 

ਰਾਸ਼ਟਰੀ

ਸਚਿਨ ਪਾਇਲਟ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਨੂੰ ਤਿਆਰ ਹੋ ਗਿਆ : ਗਹਿਲੋਤ

July 21, 2020 08:38 AM

ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾਗ਼ੀ ਆਗੂ ਸਚਿਨ ਪਾਇਲਟ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਰੂਪ ਵਿਚ ਏਨਾ ਮਾਣ-ਸਨਮਾਨ ਮਿਲਿਆ, ਉਹੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਲਈ ਤਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਹੀ ਅਜਿਹੀ ਕੋਈ ਮਿਸਾਲ ਵੇਖਣ ਨੂੰ ਮਿਲੇ ਕਿ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨੇ ਅਪਣੀ ਹੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਕੀਤੀ।
       ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਨਿਕੰਮਾ ਅਤੇ ਨਕਾਰਾ' ਹੋਣ ਦੇ ਬਾਵਜੂਦ ਪਾਇਲਟ ਸੱਤ ਸਾਲ ਤਕ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਿਹਾ ਪਰ ਪਾਰਟੀ ਦੇ ਹਿੱਤ ਨੂੰ ਧਿਆਨ ਵਿਚ ਰਖਦਿਆਂ ਕਿਸੇ ਨੇ ਇਸ 'ਤੇ ਸਵਾਲ  ਨਹੀਂ ਚੁਕਿਆ। ਉਨ੍ਹਾਂ ਕਿਹਾ, 'ਹਿੰਦੁਸਤਾਨ ਵਿਚ ਰਾਜਸਥਾਨ ਅਜਿਹਾ ਇਕੋ ਰਾਜ ਹੈ ਜਿਥੇ ਸੱਤ ਸਾਲ ਵਿਚ ਪ੍ਰਦੇਸ਼ ਪ੍ਰਧਾਨ ਨੂੰ ਬਦਲਣ ਦੀ ਕਦੇ ਮੰਗ ਨਹੀਂ ਹੋਈ। ਅਸੀਂ ਜਾਣਦੇ ਸੀ ਕਿ ਨਿਕੰਮਾ ਹੈ, ਨਕਾਰਾ ਹੈ, ਕੋਈ ਕੰਮ ਨਹੀਂ ਕਰ ਰਿਹਾ ਤੇ ਸਿਰਫ਼ ਲੋਕਾਂ ਨੂੰ ਲੜਾ ਰਿਹਾ ਹੈ।' ਉਨ੍ਹਾਂ ਕਿਹਾ, 'ਫਿਰ ਵੀ ਰਾਜਸਥਾਨ ਵਿਚ ਸਾਡਾ ਸਭਿਆਚਾਰ ਅਜਿਹਾ ਹੈ , ਅਸੀਂ ਨਹੀਂ ਚਾਹੁੰਦੇ ਸੀ ਕਿ ਦਿੱਲੀ ਵਿਚ ਲੱਗੇ ਕਿ ਰਾਜਸਥਾਨ ਵਾਲੇ ਲੜ ਰਹੇ ਹਨ। ਉਨ੍ਹਾਂ ਦਾ ਮਾਨ-ਸਨਮਾਨ ਰਖਿਆ। ਪ੍ਰਦੇਸ਼ ਕਾਂਗਰਸ ਨੂੰ ਕਿਵੇਂ ਸਨਮਾਨ ਦਿਤਾ ਜਾਂਦਾ ਹੈ, ਉਹ ਮੈਂ ਰਾਜਸਥਾਨ ਵਿਚ ਲੋਕਾਂ ਨੂੰ ਸਿਖਾਇਆ। ਉਮਰ ਅਹੁਦਾ ਮਾਇਨੇ ਨਹੀਂ ਰਖਦਾ।'
     ਮੁੱਖ ਮੰਤਰੀ ਨੇ ਕਿਹਾ ਕਿ ਮਾਣ ਸਨਮਾਨ ਪੂਰਾ ਦਿਤਾ, ਸੱਭ ਕੁੱਝ ਦਿਤਾ। ਉਹ ਵਿਅਕਤੀ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਲਈ ਤਿਆਰ ਹੋ ਗਿਆ।  ਜ਼ਿਕਰਯੋਗ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਨੂੰ ਡੇਗਣ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕਾਂਗਰਸ ਨੇ ਪਾਇਲਟ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਹੈ।

ਪਾਇਲਟ ਨੇ ਮੈਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਆਖਿਆ ਸੀ : ਕਾਂਗਰਸੀ ਵਿਧਾਇਕ

ਜੈਪੁਰ : ਸੂਬੇ ਦੇ ਕਾਂਗਰਸੀ ਵਿਧਾਇਕ ਗਿਰਾਜ ਸਿੰਘ ਮਲਿੰਗਾ ਨੇ ਦੋਸ਼ ਲਾਇਆ ਕਿ ਵੇਲੇ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਉਸ ਨੂੰ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਲਈ ਕਿਹਾ ਸੀ। ਮਲਿੰਗਾ ਨੇ ਮੀਡੀਆ ਸਾਹਮਣੇ ਇਹ ਦੋਸ਼ ਵੀ ਲਾਇਆ ਕਿ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਸੀ।
     ਸੂਬੇ ਦੇ ਬਾੜੀ ਤੋਂ ਵਿਧਾਇਕ ਮਲਿੰਗਾ ਨੇ ਕਿਹਾ ਕਿ ਅਪਣੇ ਕੁੱਝ ਕੰਮਾਂ ਸਬੰਧੀ ਦੋ ਵਾਰ ਸਚਿਨ ਪਾਇਲਟ ਨੂੰ ਮਿਲਿਆ ਸੀ। ਮਲਿੰਗਾ ਮੁਤਾਬਕ ਪਾਇਲਟ ਨੇ ਉਸ ਨੂੰ ਕਿਹਾ, 'ਭਾਜਪਾ ਵਿਚ ਚਲਣਾ ਹੈ, ਪਾਰਟੀ ਛਡਣੀ ਹੈ।' ਮਲਿੰਗਾ ਦਾ ਕਹਿਣਾ ਹੈ ਕਿ ਪਾਇਲਟ ਨੇ ਪੈਸਿਆਂ ਦੀ ਵੀ ਗੱਲ ਕੀਤੀ ਸੀ ਅਤੇ ਕਿਹਾ ਕਿ ਤੁਸੀਂ ਮੂੰਹ ਖੋਲ੍ਹੋ ਜਿੰਨਾ ਚਾਹੋਗੇ ਪੈਸਾ ਮਿਲੇਗਾ। ਇਹ ਪੁੱਛੇ ਜਾਣ 'ਤੇ ਕਿ ਇਸ ਗੱਲ ਦਾ ਕੀ ਸਬੂਤ ਹੈ ਤਾਂ ਮਲਿੰਗਾ ਨੇ ਕਿਹਾ, 'ਜੇ ਮੇਰੀ ਗੱਲ ਝੂਠੀ ਹੈ ਤਾਂ ਪਾਇਲਟ ਆ ਕੇ ਕਹਿਣ ਦੇਣ ਕਿ ਮੈਂ ਝੂਠ ਬੋਲ ਰਿਹਾ ਹਾਂ। ਬਾਕੀ ਮੈਂ ਤਾਂ ਮੰਦਰ ਵਿਚ ਜਾ ਕੇ ਵੀ ਇਹ ਗੱਲ ਕਹਿ ਸਕਦਾ ਹਾਂ।'
    ਵਿਧਾਇਕ ਮੁਤਾਬਕ ਉਸ ਨੇ ਪਾਇਲਟ ਨੂੰ ਕਿਹਾ ਕਿ ਉਸ ਦੀ ਆਤਮਾ ਇਸ ਤਰ੍ਹਾਂ ਦੇ ਕੰਮਾਂ ਲਈ ਤਿਆਰ ਨਹੀਂ। ਉਸ ਨੇ ਕਿਹਾ ਕਿ ਉਸ ਨੇ ਇਸ ਬਾਬਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸ ਦਿਤਾ ਸੀ। ਉਧਰ, ਸਚਿਨ ਪਾਇਲਟ ਨੇ ਵਿਧਾਇਕ ਦੇ ਦੋਸ਼ਾਂ ਨੂੰ ਝੂਠ ਦਸਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਤੋਂ ਉਦਾਸ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਕਾਨੂੰਨੀ ਕਾਰਵਾਈ ਕਰਨਗੇ। ਪਾਇਲਟ ਨੇ ਕਿਹਾ, 'ਮੈਂ ਉਦਾਸ ਹਾਂ, ਹੈਰਾਨ ਨਹੀਂ। ਮੈਂ ਕਾਨੂੰਨੀ ਕਾਰਵਾਈ ਕਰਾਂਗਾ।'

 

Have something to say? Post your comment

 
 
 
 
 
Subscribe